BREAKING NEWS
latest

728x90

 


468x60

ਪੰਜਾਬ ਦੀ ਰਿਵਾਯਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ


ਲੁਧਿਆਣਾ ਜਾਮਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਦੇ ਮੌਕੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਦਾ ਐਲਾਨ

  ਲੁਧਿਆਣਾ, 7 ਜੂਨ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸਿੰਦਾ): ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ 'ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦੀਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ 'ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ। ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜਬਾ ਰੱਖੀਏ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ 'ਚ ਫਿਰਕੂ ਤਾਕਤਾਂ ਧਰਮ ਦੇ ਨਾਮ 'ਤੇ ਲੋਕਾਂ 'ਚ ਪਾੜ ਪਾਉਣ 'ਚ ਲੱਗੀਆਂ ਹੋਈਆਂ ਹਨ ਇਸ ਲਈ ਸਮੂਹ ਭਾਰਤੀਆਂ ਨੂੰ ਅਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰੀਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਪਿੱਛੇ ਨਹੀਂ ਹੱਟਾਗੇਂ। ਉਹਨਾਂ ਕਿਹਾ ਕਿ ਪੰਜਾਬ ਦੀ ਰਿਵਾਯਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ 'ਚ ਧਰਮ ਦੇ ਨਾਮ 'ਤੇ ਨਫਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

  ਇਸ ਮੌਕੇ 'ਤੇ ਨਗਰ ਨਿਗਮ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਚੌਧਰੀ ਮਦਨ ਲਾਲ ਬੱਗਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਭਾਰਤ ਦੁਨਿਆ ਦਾ ਇੱਕੋਂ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ-ਜੁਲ ਕੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰੀਆਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ। ਉਹਨਾਂ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਇਸ ਮੌਕੇ 'ਤੇ ਅਸੀਂ ਪੰਜਾਬ ਸਰਕਾਰ ਵੱਲੋਂ ਅਪਣੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਾਂ।

ਇਸ ਮੌਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਤਿਪਾਲ ਸਿੰਘ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ,ਵਿਧਾਇਕ ਪੁੱਤਰ ਵਿਕਾਸ ਪਰਾਸ਼ਰ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ ਅਤੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਚ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ, ਬੱਚਿਆਂ 'ਚ ਈਦ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।

« PREV
NEXT »

Facebook Comments APPID